ਕੇਂਦਰੀ ਯੂਨੀਵਰਸਿਟੀ ਵਿਖੇ ਐਡਵਾਂਸਡ ਕਲੀਨਿਕਲ ਥੈਰੇਪਿਊਟਿਕਸ ਵਿਸ਼ੇ 'ਤੇ ਸੈਮੀਨਾਰ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 18 ਅਪਰੈਲ 2024 : ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਹਿਊਮਨ ਜੈਨੇਟਿਕਸ ਐਂਡ ਮੋਲੀਕਿਊਲਰ ਮੈਡੀਸਨ ਵਿਭਾਗ ਦੀ ਜੀਨ ਸੋਸਾਇਟੀ ਵੱਲੋਂ ਐਡਵਾਂਸਡ ਕਲੀਨਿਕਲ ਥੈਰੇਪਿਊਟਿਕਸ ਵਿਸ਼ੇ ’ਤੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਡਾ. ਸੰਜੀਵ ਢੀਂਗਰਾ ਅਤੇ ਡਾ. ਅਸ਼ੋਕ ਕੁਮਾਰ ਨੇ ਮਹਿਮਾਨ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਅਤੇ ਪੀਐਚਡੀ ਖੋਜਕਰਤਾਵਾਂ ਸਮੇਤ ਕੁੱਲ 140 ਪ੍ਰਤੀਭਾਗੀਆਂ ਨੇ ਭਾਗ ਲਿਆ।
ਸੈਮੀਨਾਰ ਦੇ ਪਹਿਲੇ ਪੜਾਅ ਵਿੱਚ ਮੈਕਸ ਰੇਡੀ ਕਾਲਜ ਆਫ਼ ਮੈਡੀਸਨ ਦੇ ਫਿਜ਼ੀਓਲੋਜੀ ਅਤੇ ਪੈਥੋਫਿਜ਼ੀਓਲੋਜੀ ਵਿਭਾਗ ਦੇ ਫੈਕਲਟੀ ਮੈਂਬਰ ਅਤੇ ਇੰਸਟੀਚਿਊਟ ਆਫ਼ ਕਾਰਡੀਓਵੈਸਕੁਲਰ ਸਾਇੰਸਿਜ਼, ਸੇਂਟ ਬੋਨੀਫੇਸ ਹਸਪਤਾਲ ਵਿਖੇ ਕੈਨੇਡਾ ਇਟਲੀ ਟਿਸ਼ੂ ਇੰਜਨੀਅਰਿੰਗ ਪ੍ਰੋਗਰਾਮ ਦੇ ਡਾਇਰੈਕਟਰ ਡਾ. ਸੰਜੀਵ ਢੀਂਗਰਾ ਨੇ "ਸਟੈਮ ਸੈੱਲ ਥੈਰੇਪੀ ਅਤੇ ਟਿਸ਼ੂ ਰੀਜਨਰੇਸ਼ਨ" ਵਿਸ਼ੇ ਤੇ ਇੱਕ ਲੈਕਚਰ ਦਿੱਤਾ। ਡਾ. ਢੀਂਗਰਾ ਨੇ ਕਾਰਡੀਓਵੈਸਕੁਲਰ ਸਿਹਤ ਵਿੱਚ ਨਵੀਨਤਮ ਤਰੱਕੀ ਅਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਉਜਾਗਰ ਕਰਦੇ ਹੋਏ ਟਿਸ਼ੂ ਰੀਜਨਰੇਸ਼ਨ ਵਿੱਚ ਸਟੈਮ ਸੈੱਲ ਥੈਰੇਪੀ ਦੀ ਭੂਮਿਕਾ ਬਾਰੇ ਚਰਚਾ ਕੀਤੀ।
ਸੈਮੀਨਾਰ ਦੇ ਦੂਜੇ ਪੜਾਅ ਵਿੱਚ ਡਾ. ਅਸ਼ੋਕ ਕੁਮਾਰ, ਅਸਿਸਟੈਂਟ ਪ੍ਰੋਫੈਸਰ, ਸੈਂਟਰ ਫਾਰ ਸਿਸਟਮਜ਼ ਬਾਇਓਲੋਜੀ ਐਂਡ ਬਾਇਓਇਨਫੋਰਮੈਟਿਕਸ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਜੀਨੋਮਿਕ ਖੋਜ ਅਤੇ ਵਿਅਕਤੀਗਤ ਮੈਡੀਕਲ ਇਲਾਜ ਵਿੱਚ ਬਾਇਓਇਨਫੋਰਮੈਟਿਕਸ ਦੀ ਮਹੱਤਵਪੂਰਨ ਭੂਮਿਕਾ ਬਾਰੇ ਚਰਚਾ ਕੀਤੀ। ਅੰਤ ਵਿੱਚ ਪ੍ਰੋਗਰਾਮ ਕੋਆਰਡੀਨੇਟਰ ਪ੍ਰੋਫੈਸਰ ਜਸਵਿੰਦਰ ਸਿੰਘ ਭੱਟੀ ਨੇ ਆਏ ਹੋਏ ਮਹਿਮਾਨ ਬੁਲਾਰਿਆਂ ਡਾ: ਸੰਜੀਵ ਢੀਂਗਰਾ ਅਤੇ ਡਾ: ਅਸ਼ੋਕ ਕੁਮਾਰ ਦਾ ਯੋਗਦਾਨ ਲਈ ਧੰਨਵਾਦ ਕੀਤਾ।